Invaluable Heera Shaheed Bhai Moti Ram Mehra

ਅਨਮੋਲ ਹੀਰਾ ਮੋਤੀ ਰਾਮ ਮਹਿਰਾ ਜੀ ਦਾ ਸਰਵੇਖਣ

-ਕਵੀਸ਼ਰ ਸਵਰਨ ਸਿੰਘ ਭੌਰ, * ਪਿੰਡ ਤੇ ਡਾਕ : ਸਰਲੀ ਕਲਾਂ, ਵਾਇਆ ਜੰਡਿਆਲਾ ਗੁਰੂ, ਜ਼ਿਲ੍ਹਾ ਤਰਨਤਾਰਨ (ਪੰਜਾਬ), ਮੋ: 98761-15587

ਸਿੱਖ ਧਰਮ ਵਿਚ ਸ਼ਹਾਦਤ ਇਕ ਮੌਲਿਕ ਸਿਧਾਂਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਮਹਾਂਵਾਕ ਹਨ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥2॥2॥ (ਪੰਨਾ 1105)

ਸ਼ਹੀਦ ਸ਼ਬਦ ਦੀ ਵਰਤੋਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਕੀਤੀ ਹੈ। ਮੁਰੀਦ ਅਰਥਾਤ ਸਿੱਖ ਦੇ ਜ਼ਰੂਰੀ ਲੱਛਣ ਦਰਜ ਕੀਤੇ ਜਿਨ੍ਹਾਂ ਵਿਚ ਸ਼ਹੀਦ ਵੀ ਸ਼ਾਮਲ ਹੈ।

ਮੁਰਦਾ ਹੋਇ ਮੁਰੀਦੁ ਨ ਗਲੀ ਹੋਵਣਾ, ਸਾਬਰੁ ਸਿਦਕਿ ਸਹੀਦ ਭਰਮ ਭਉ ਖੋਵਣਾ।

1704 ਈ: ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਅਨੰਦਗੜ੍ਹ ਸਾਹਿਬ ਦਾ ਕਿਲ੍ਹਾ ਛੱਡਣ ਉਪਰੰਤ ਸਰਸਾ ਨਦੀ ਦੇ ਕੰਢੇ ਉੱਤੇ ਹੋਏ ਯੁੱਧ ਅਤੇ ਹੜ੍ਹ ਕਾਰਨ ਗੁਰੂ ਸਾਹਿਬ ਦਾ ਪਰਵਾਰ ਵਿਛੋੜਾ ਹੋ ਗਿਆ।

ਗੁਰੂ ਕੇ ਮਹਿਲ, ਭਾਈ ਮਨੀ ਸਿੰਘ ਜੀ ਨਾਲ ਦਿੱਲੀ ਨੂੰ ਚੱਲ ਪਏ। ਵੱਡੇ ਸਾਹਿਬਜ਼ਾਦਿਆਂ ਸਮੇਤ ਗੁਰੂ ਸਾਹਿਬ ਚਾਲ੍ਹੀ ਸਿੰਘਾਂ ਨਾਲ ਚਮਕੌਰ ਦੀ ਗੜ੍ਹੀ ਵਿਚ ਪਹੁੰਚ ਗਏ।

ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ ਮੋਰਿੰਡੇ ਵੱਲ ਚੱਲ ਪਏ। ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂ-ਘਰ ਦਾ ਰਹਿ ਚੁੱਕਾ ਰਸੋਈਆ ਗੰਗੂ ਆਪਣੇ ਪਿੰਡ ਸਹੇੜੀ ਲੈ ਗਿਆ ਤੇ ਮਾਇਆ ਦੀ ਖੁਰਜੀ ਵੇਖ ਕੇ ਇਸ ਦਾ ਮਨ ਬੇਈਮਾਨ ਹੋ ਗਿਆ ਤੇ ਮੋਰਿੰਡੇ ਦੇ ਥਾਣੇ ਖ਼ਬਰ ਦੇ ਕੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।

ਮੋਰਿੰਡੇ ਦੇ ਹਾਕਮ (ਜਾਨੀ ਖਾਂ ਤੇ ਮਾਨੀ ਖਾਂ) ਉਸੇ ਵੇਲੇ ਸਿਪਾਹੀ ਲੈ ਕੇ ਸਹੇੜੀ ਪਹੁੰਚ ਗਏ। ਮਾਤਾ ਜੀ ਨੇ ਸਿਪਾਹੀ ਵੇਖ ਕੇ ਕਿਹਾ, “ਪੁੱਤ ਗੰਗਿਆ ਜਿਸ ਮਾਇਆ ਦੇ ਲੋਭ ਪਿੱਛੇ ਪਾਪ ਕੀਤਾ ਕੀ ਤੈਨੂੰ ਪਾਰ ਲਾ ਦੇਵੇਗੀ?” ਪੁੱਤਰ ਤੇਰੀ ਮਰਜ਼ੀ! ਜਾਨੀ ਖਾਂ ਤੇ ਮਾਨੀ ਖਾਂ ਨੇ ਗੰਗੂ ਵੱਲ ਸ਼ੱਕੀ ਨਜ਼ਰ ਨਾਲ ਵੇਖਿਆ। ਆਪਣੇ ਪਾਪ ਨੂੰ ਲੁਕਾਉਣ ਵਾਸਤੇ ਗੰਗੂ ਨੇ ਭੜਕ ਕੇ ਕਿਹਾ, “ਮਾਤਾ ਜੀ ਤੁਹਾਡਾ ਦੋਸ਼ ਲਾਇਆਂ ਮੈਂ ਚੋਰ ਨਹੀਂ ਬਣ ਚੱਲਿਆ। ਮੈਂ ਸਰਕਾਰ ਦਾ ਵਫ਼ਾਦਾਰ ਹਾਂ। ਇਸ ਲਈ ਤੁਸਾਂ ਮੈਨੂੰ ਬੁਰਾ ਕਹਿਣਾ ਹੀ ਹੈ।

9 ਪੋਹ ਸੰਮਤ 1761 ਬਿਕ੍ਰਮੀ ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਸੂਬੇਦਾਰ ਸਰਹਿੰਦ ਨੇ ਇਨ੍ਹਾਂ ਨੂੰ ਦੀਨ ਵਿਚ ਲਿਆਉਣ ਵਾਸਤੇ ਕਿਲ੍ਹੇ ਦੇ ਠੰਡੇ ਬੁਰਜ ਵਿਚ ਕੈਦ ਕਰ ਦਿੱਤਾ ਤਾਂ ਕਿ ਠੰਡ ਤੋਂ ਡਰਦੇ ਬੱਚੇ ਈਨ ਮੰਨ ਲੈਣਗੇ।

ਠੰਡਾ ਬੁਰਜ ਇਸ ਨੂੰ ਇਸ ਕਰਕੇ ਕਿਹਾ ਜਾਂਦਾ ਸੀ ਕਿ ਇਹ 140 ਫੁੱਟ ਉੱਚਾ ਸੀ। ਇਹ ਗਰਮੀ ਦੀ ਰੁੱਤੇ ਵੀ ਬਹੁਤ ਠੰਡਾ ਰਹਿੰਦਾ ਸੀ। ਵਜ਼ੀਰ ਖਾਨ ਗਰਮੀ ਦੇ ਦਿਨ ਇਸ ਬੁਰਜ ਵਿਚ ਕੱਟਦਾ ਸੀ। ਲਾਗੇ ਨਾਲਾ ਵਗਦਾ ਸੀ। ਉਸ ਨਾਲੇ ਦੀ ਹਵਾ ਕਰਕੇ ਇੱਥੇ ਗਰਮੀ ਵਿਚ ਵੀ ਠੰਡ ਰਹਿੰਦੀ ਸੀ। ਮਾਤਾ ਗੁਜਰੀ ਜੀ ਬੱਚਿਆਂ ਨੂੰ ਆਪਣੀ ਬੁੱਕਲ ਦਾ ਨਿੱਘ ਦੇ ਕੇ ਸ਼ਹੀਦਾਂ ਦੇ ਕਾਰਨਾਮੇ ਦੱਸਦੇ ਤੇ ਵਾਹਿਗੁਰੂ ਦੇ ਭਾਣੇ ਵਿਚ ਸ਼ੁਕਰ ਗੁਜ਼ਾਰਦੇ। ਸੂਬੇਦਾਰ ਸਰਹਿੰਦ ਵੱਲੋਂ ਹਿੰਦੂ ਕੈਦੀਆਂ ਨੂੰ ਰੋਟੀਆਂ ਪਕਾ ਕੇ ਖਵਾਉਣ ਦੀ ਜ਼ਿੰਮੇਵਾਰੀ ਭਾਈ ਮੋਤੀ ਰਾਮ ਮਹਿਰਾ ਦੀ ਸੀ।

ਭਾਈ ਮੋਤੀ ਰਾਮ ਗੁਰੂ-ਘਰ ਦਾ ਸ਼ਰਧਾਲੂ ਸੀ। ਪੰਥ ਦੇ ਮਹਾਨ ਵਿਦਵਾਨ ਭਾਈ ਕਿਸ਼ਨ ਸਿੰਘ ਦੇ ਸ਼ਹੀਦਨਾਮਾ ਤੋਂ ਜਾਣਕਾਰੀ ਮਿਲਦੀ ਹੈ ਕਿ ਭਾਈ ਮੋਤੀ ਰਾਮ ਮਹਿਰਾ, ਭਾਈ ਹਰਾ ਸਿੰਘ ਦਾ ਪੁੱਤਰ, ਭਾਈ ਹਿੰਮਤ ਸਿੰਘ ਪੰਜਾਂ ਪਿਆਰਿਆਂ ਵਿੱਚੋਂ ਉਨ੍ਹਾਂ ਦੇ ਭਤੀਜੇ ਸਨ। ਭਾਈ ਕਿਸ਼ਨ ਸਿੰਘ ਜੀ ਇਸ ਤਰ੍ਹਾਂ ਰੂਪਮਾਨ ਕਰਦੇ ਹਨ :-

ਮੋਤੀ ਰਾਮ ਸੰਗਤਿਪੁਰ ਵਾਸੀ। ਰਾਮ ਨਾਮ ਜਪ ਪੁੰਨ ਕਮਾਸੀ, ਹਿੰਮਤ ਸਿੰਘ ਤਿਤ ਚਾਚੂ ਜਾਨਹੁ। ਪਾਂਚ ਪਯਾਰਨ ਮਾਹਿ ਪ੍ਰਧਾਨਹੁ। ਵੀਜੀਰੇ ਕੇ ਗ੍ਰਿਹ ਪ੍ਰਸਾਦ ਬਨਾਵੈ।

ਮਾਨ ਮਹਤ ਦਰਬਾਰਹਿ ਪਾਵੈ। ਹਿੰਦੂ ਕੈਦੀ ਤੈਹ ਹਜ਼ਾਰ।

ਕਾਰਾਵਾਸ ਮਹਿ ਹੋਤ ਖਵਾਰ, ਤਿਨ ਕੋ ਲੰਗਰ ਮੋਤੀ ਆਪ ਬਨਾਵਹਿ।

(ਸ਼ਹੀਦਨਾਮਾ)

ਦਰੋਗੇ ਨੇ ਮੋਤੀ ਰਾਮ ਨੂੰ ਹੁਕਮ ਕੀਤਾ ਕਿ ਠੰਡੇ ਬੁਰਜ ਵਿਚ ਤਿੰਨ ਕੈਦੀ ਅੱਜ ਆਏ ਨੇ ਉਹ ਉਨ੍ਹਾਂ ਨੂੰ ਰੋਟੀਆਂ ਦੇ ਆਵੇ। ਜਦੋਂ ਭਾਈ ਮੋਤੀ ਰਾਮ ਰੋਟੀ ਲੈ ਕੇ ਗਿਆ ਤੇ ਰੋਟੀ ਖਾਣ ਵਾਸਤੇ ਬੇਨਤੀ ਕੀਤੀ।

ਸਾਹਿਬਜ਼ਾਦਿਆਂ ਸ਼ਾਹੀ ਰਸੋਈ ਵਿੱਚੋਂ ਆਈ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ। ਭਾਈ ਮੋਤੀ ਰਾਮ ਵਾਪਸ ਚਲਾ ਗਿਆ ਤੇ ਦੁੱਖਾਂ ਭਰੀ ਦਾਸਤਾਨ ਆਪਣੀ ਮਾਤਾ ਤੇ ਪਤਨੀ ਨੂੰ ਜਾ ਦੱਸੀ।

ਸਾਰਾ ਟੱਬਰ ਬਹੁਤ ਦੁਖੀ ਹੋਇਆ ਤੇ ਸਾਰੇ ਟੱਬਰ ਨੇ ਆਪ ਵੀ ਰੋਟੀ ਨਾ ਖਾਧੀ। ਭਾਈ ਮੋਤੀ ਰਾਮ ਦੀ ਪਤਨੀ ਬੀਬੀ ਭੋਈ ਨੇ ਆਪਣੇ ਸੋਨੇ-ਚਾਂਦੀ ਦੇ ਜ਼ੇਵਰ ਦੇ ਕੇ ਕਿਹਾ ਤੁਸੀਂ ਦੁਬਾਰਾ ਜਾਓ, ਮੈਂ ਦੁੱਧ ਗਰਮ ਕਰ ਦਿੰਦੀ ਹਾਂ। ਬੱਚਿਆਂ ਨੂੰ ਤੇ ਮਾਤਾ ਜੀ ਨੂੰ ਦੁੱਧ ਬਾਰੇ ਦੱਸ ਦੇਣਾ, ਇਹ ਦੁੱਧ ਸ਼ਾਹੀ ਰਸੋਈ ਦਾ ਨਹੀਂ। ਮੇਰੀ ਕਿਰਤ ਵਿੱਚੋਂ ਆਪ ਜੀ ਦੀ ਸੇਵਾ ਵਿਚ ਹਾਜ਼ਰ ਹੈ। ਭਾਈ ਮੋਤੀ ਰਾਮ ਗੁਰੂ-ਘਰ ਦਾ ਸ਼ਰਧਾਲੂ ਸੀ, ਉਸ ਨੇ ਇਸ ਮਹਾਂਵਾਕ ਨੂੰ ਸਮਰਪਿਤ ਹੋ ਕੇ ਸ਼ਬਦ ਦੀ ਰੱਟ ਲਾਈ,

‘ਸਤਿਗੁਰ ਦੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ।’

ਅੱਧੀ ਰਾਤ ਦੇ ਸਮੇਂ ਦੁੱਧ ਦਾ ਗੜਵਾ ਤੇ ਬਰਤਨ ਲੈ ਕੇ ਕੈਦ ਵਾਲੇ ਅਸਥਾਨ ’ਤੇ ਗਿਆ ਤੇ ਮਾਤਾ ਜੀ ਨੂੰ ਪ੍ਰਣਾਮ ਕੀਤਾ ਤੇ ਦੁੱਧ ਛਕਣ ਵਾਸਤੇ ਬੇਨਤੀ ਕੀਤੀ। ਮਾਤਾ ਜੀ ਨੇ ਸ਼ਰਧਾ ਵੇਖ ਕੇ ਲਿਆਂਦਾ ਦੁੱਧ ਆਪ ਅਤੇ ਬੱਚਿਆਂ ਨੂੰ ਛਕਾਇਆ ਅਤੇ ਅਸ਼ੀਰਵਾਦ ਦਿੱਤਾ।

ਤਿੰਨ ਦਿਨ ਉਸੇ ਨਵਾਬ ਦੀ ਕੈਦ ਵਿੱਚ ਰਹੇ। ਭਾਈ ਮੋਤੀ ਰਾਮ ਰੋਜ਼ਾਨਾ ਰਾਤ ਦੇ ਸਮੇਂ ਤੇ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਦੁੱਧ ਦੀ ਸੇਵਾ ਕਰਦਾ ਤੇ ਮਾਤਾ ਜੀ ਤੋਂ ਅਸੀਸਾਂ ਦਾ ਪਾਤਰ ਬਣਦਾ।

ਇਕ ਦਿਨ ਕਹਿਰ ਦਾ ਮੀਂਹ ਤੇ ਝੱਖੜ ਝੁੱਲਿਆ। ਭਾਈ ਮੋਤੀ ਰਾਮ ਆਪਣੀ ਜਾਨ ਦੀ ਪਰਵਾਹ ਨਾ ਕਰਦਾ ਹੋਇਆ ਦੁੱਧ ਲੈ ਕੇ ਬਾਣੀ ਪੜ੍ਹਦਿਆਂ ਘਰੋਂ ਤੁਰ ਪਿਆ। ਮਾਤਾ ਗੁਜਰੀ ਜੀ ਭਾਈ ਮੋਤੀ ਰਾਮ ਦਾ ਪਿਆਰ ਵੇਖ ਕੇ ਬੜਾ ਪ੍ਰਸੰਨ ਹੋਏ। ਅਸ਼ੀਰਵਾਦ ਦਿੱਤਾ;

ਮੋਤੀ ਰਾਮ ਤੇਰੀ ਧੰਨ ਕਮਾਈ, ਔਖੇ ਸਮੇਂ ਤੂੰ ਸੇਵ ਕਮਾਈ।’

ਠੰਡੇ ਬੁਰਜ ਵਿੱਚ ਸਿਪਾਹੀ ਆਏ ਤੇ ਮਾਤਾ ਜੀ ਨੂੰ ਬੇਨਤੀ ਕੀਤੀ ਲਾਲਾਂ ਨੂੰ ਕਚਹਿਰੀ ਵਿੱਚ ਪੇਸ਼ ਕਰਨਾ ਹੈ। ਸਾਡੇ ਨਾਲ ਤੋਰ ਦਿਓ। ਬੱਚਿਆਂ ਦੇ ਕੇਸ ਵਾਹ ਕੇ, ਦਸਤਾਰਾਂ ਸਜਾ ਕੇ, ਕੇਸਰੀ ਰੰਗ ਦੇ ਬਸਤਰ ਪਾ ਕੇ ਸਿਪਾਹੀਆਂ ਨਾਲ ਤੋਰਨ ਤੋਂ ਪਹਿਲਾਂ ਮਾਤਾ ਜੀ ਕਹਿਣ ਲੱਗੇ:-

“ਬੇਟਾ ਤੁਸੀਂ ਮਹਾਨ ਆਤਮਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵੰਸ਼ ਹੋ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪੋਤਰੇ ਹੋ।

ਵਡੇਰਿਆਂ ਦੀ ਕੁਰਬਾਨੀ ਨੂੰ ਯਾਦ ਕਰਨਾ,ਕਿਸੇ ਦੇ ਭੈਅ ਵਿੱਚ ਨਹੀਂ ਆਉਣਾ।”

ਵਜ਼ੀਰ ਖਾਨ ਨੇ ਕੁਰਾਨ ਦੀਆਂ ਸਿੱਖਿਆਵਾਂ ਦੇ ਉਲਟ ਬੱਚਿਆਂ ਨੂੰ ਸਜ਼ਾ ਦੇਣ ਦਾ ਮਨ ਬਣਾ ਲਿਆ ਤੇ ਮੁਫਤੀ ਮੌਲਵੀ ਵੀ ਤੇਜ਼ ਹੋ ਗਏ। ਫਤਵਾ ਲਾ ਕੇ ਕੰਧ ਵਿੱਚ ਚਿਣ ਦਿੱਤੇ ਜਾਣ, ਕਚਹਿਰੀ ਹਾਤੇ ਵਿੱਚ ਕੰਧ ਦੀ ਉਸਾਰੀ ਦਾ ਪ੍ਰਬੰਧ ਹੋ ਗਿਆ।

ਸਾਹਿਬਜ਼ਾਦਿਆਂ ਨੂੰ 13 ਪੋਹ ਸੰਮਤ 1761 ਬਿ: ਨੂੰ ਕੰਧ ਵਿੱਚ ਚਿਣ ਦਿੱਤਾ। ਜ਼ਾਲਮਾਂ ਨੇ ਕੋਹ-ਕੋਹ ਕੇ ਸ਼ਹੀਦ ਕਰ ਦਿੱਤੇ। ਜ਼ਿਮੀਂ ਅਸਮਾਨ ਕੰਬ ਉੱਠੇ।

ਦੀਵਾਨ ਟੋਡਰ ਮੱਲ ਨੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੇ ਸਸਕਾਰ ਵਾਸਤੇ ਵਜ਼ੀਰ ਖਾਨ ਕੋਲੋਂ ਆਗਿਆ ਮੰਗੀ। ਵਜ਼ੀਰ ਖਾਨ ਨੇ ਖਿਝ ਕੇ ਕਿਹਾ ਅੰਗੀਠੇ ਜਿੰਨੀ ਜਗ੍ਹਾ ਵਾਸਤੇ ਸੋਨੇ ਦੀਆਂ ਮੋਹਰਾਂ ਖੜ੍ਹੇ ਰੁਖ਼ ਰੱਖ ਕੇ ਮੁੱਲ ਲੈ ਸਕਦੇ ਹੋ। ਦੀਵਾਨ ਟੋਡਰ ਮੱਲ ਨੇ ਮੋਹਰਾਂ ਖੜ੍ਹੇ ਰੁਖ਼ ਰੱਖ ਕੇ ਜ਼ਮੀਨ ਖਰੀਦੀ। ਜਿਸ ’ਤੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦਾ ਸਸਕਾਰ ਕੀਤਾ ਗਿਆ ।

ਉਸ ਥਾਂ ’ਤੇ ਗੁਰਦੁਆਰਾ ਸਾਹਿਬ ਜੋਤੀ ਸਰੂਪ ਸੁਸ਼ੋਭਿਤ ਹੈ। ਭਾਈ ਮੋਤੀ ਰਾਮ ਮਹਿਰਾ ਜੀ ਨੇ ਅਤਾ ਅਲੀ ਦੀ ਰੱਖ ਵਿੱਚੋਂ ਲੱਕੜਾਂ ਲਿਆ ਕੇ ਦੀਵਾਨ ਟੋਡਰ ਮੱਲ ਦੀ ਸਹਾਇਤਾ ਕੀਤੀ।

ਥੋੜ੍ਹੇ ਦਿਨਾਂ ਬਾਅਦ ਗੰਗੂ ਦੇ ਨਜ਼ਦੀਕੀ ਪੰਮੇ ਪਾਸੋਂ ਸੂਹ ਮਿਲੀ। ਤਿੰਨ ਰਾਤਾਂ ਮੁਗ਼ਲ ਰਾਜ ਦੀਆਂ ਰੋਟੀਆਂ ਨਾ ਖਾਣ ਵਾਲੇ ਗੁਰੂ-ਪਰਵਾਰ ਨੂੰ ਮੋਤੀ ਰਾਮ ਮਹਿਰਾ ਨੇ ਹਕੂਮਤ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਦੁੱਧ ਪਿਲਾਇਆ ਹੈ ।

ਸੂਬੇ ਨੇ ਐਲਾਨ ਕੀਤਾ ਹੋਇਆ ਸੀ ਕਿ ਗੁਰੂ ਪਰਵਾਰ ਦੀ ਜੋ ਸਹਾਇਤਾ ਕਰੇਗਾ ਉਸ ਦਾ ਸਾਰਾ ਪਰਵਾਰ ਕੋਹਲੂ ਵਿੱਚ ਪੀੜ੍ਹ ਦਿੱਤਾ ਜਾਵੇਗਾ। ਸੂਬੇ ਨੇ ਖ਼ਬਰ ਸੁਣ ਕੇ ਭਾਈ ਮੋਤੀ ਰਾਮ ਦੇ ਸਾਰੇ ਪਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਸੂਰਮੇ ਨੇ ਗੁਨਾਹ ਛੁਪਾਉਣ ਦੀ ਬਜਾਏ ਸਭ ਕੁਝ ਕਬੂਲ ਕਰ ਲਿਆ। ਭਾਈ ਮੋਤੀ ਰਾਮ ਨੂੰ ਮੌਤ ਦਾ ਭੈਅ ਨਹੀਂ ਸੀ। ਉਹ ਸੂਰਮਾ ਸੀ।

ਉਸ ਦੇ ਮਨ ਵਿੱਚ ਖੁਸ਼ੀ ਸੀ। ਭਾਈ ਮੋਤੀ ਰਾਮ ਦਾ ਸਾਰਾ ਪਰਵਾਰ ਬੇਟਾ ਨਰਾਇਣਾ, ਮਾਤਾ ਖੇਮੀ ਤੇ ਪਤਨੀ ਬੀਬੀ ਭੋਈ ਨੂੰ ਕੋਹਲੂ ਥਾਈਂ ਪੀੜ੍ਹਿਆ ਗਿਆ ਤੇ ਉਹ ਸਦਾ ਲਈ ਅਮਰ ਹੋ ਗਏ। ਉਹ ਅਮਰ ਸ਼ਹੀਦਾਂ ਦੀ ਜਮਾਤ ਵਿਚ ਆਪਣੇ ਸ਼ਾਨਾਂਮੱਤੇ ਵਿਰਸੇ ਦੀ ਮਿੱਠੀ ਯਾਦ ਛੱਡ ਗਏ।

ਉਹ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਜ਼ਿੰਦਾ ਨੇ ਅਤੇ ਭਵਿੱਖ ਵਿੱਚ ਵੀ ਜ਼ਿੰਦਾ ਰਹਿਣਗੇ।

ਇਹ ਵਰਿਆਮ ਸੂਰਮੇ ਕੌਮ ਦੇ ਪੰਥ ਰਤਨ ਹਨ।

ਮੋਤੀ ਮਹਿਰਾ ਦੀ ਕੁਰਬਾਨੀ  :    :    :  ਵਲੋਂ : ਮੇਜਰ ਸਿੰਘ ‘ਬੁਢਲਾਡਾ‘- 94176 42327

 • ਬਾਬਾ ਮੋਤੀ ਮਹਿਰਾ ਨੇ ਠੰਡੇ ਬੁਰਜ਼ ਅੰਦਰ, ਮਾਤਾ ਤੇ ਬੱਚਿਆਂ ਦਾ ਕੀਤਾ ਸਤਿਕਾਰ ਲੋਕੋ !

 • ਜਿਨੀ ਹੋ ਸਕੀ ਇਹਨੇ ਕਰੀ ਸੇਵਾ, ਦੁੱਧ ਪਿਲਾਉਂਦਾ ਰਿਹਾ ਨਾਲ ਪਿਆਰ ਲੋਕੋ !

 • ਜਦ ਮਾਤਾ–ਬੱਚੇ ਰੱਬ ਨੂੰ ਹੋਏ ਪਿਆਰੇ, ਚੰਨਣ ਲਿਆਂਦੀ ਕਰਨ ਲਈ ਸੰਸਕਾਰ ਲੋਕੋ !

 • ਮੇਜਰ ਜਦ ਪਤਾ ਲੱਗ ਗਿਆ ਜਾਲਮਾ ਨੂੰ, ਕੋਹਲੂ ਪੀੜ ਦਿੱਤਾ ਸਣੇ ਪਰਿਵਾਰ ਲੋਕੋ !

  ……………………………………

 • ‘ਮਾਤਾ ਗੁਜ਼ਰੀ‘ ਸਮਝਾਵੇ ‘ਪੋਤਿਆਂ‘ ਨੂੰ, ਜਦ ਕਚਿਹਰੀ ‘ਸੂਬੇ‘ ਦੀ ਜਾਵਣਾਂ ਏ।

 • ਦੇਖਿਓ ਆਕੇ ਲਾਲਚ ਜਾਂ ਖੌਫ਼ ਅੰਦਰ, ਤੁਸੀਂ ਦਾਗ਼ ਨਾ ਧਰਮ ਨੂੰ ਲਾਵਣਾਂ ਏ।

  ………………………………………

 • ਅੱਗੋ ਬੱਚਿਆਂ ਦਾਦੀ ਨੂੰ ਜਵਾਬ ਦਿੱਤਾ, ਭਾਂਵੇ ਅਸੀਂ ਹਾਂ ਛੋਟੇ ਬਾਲ ਮਾਤਾ!

 • ਨਹੀਂ ਡੋਲਣਾਂ ਅੱਗੇ ਜਾਲਮਾਂ ਦੇ, ਜੋ ਮਰਜੀ ਕਰਨ ਉਹ ਸਾਡੇ ਨਾਲ ਮਾਤਾ!
 • ਅਸੀਂ ਪੁੱਤਰ ਹਾਂ ਗੁਰੂ ਗੌਬਿੰਦ ਸਿੰਘ ਦੇ ਜੀ, ਪੂਰਾ ਰੱਖਾਂਗੇ ਧਰਮ ਦਾ ਖਿਆਲ ਮਾਤਾ!
 • ਅਸੀਂ ਡਰਾਂਗੇ ਜ਼ਰਾ ਨਾ ਜ਼ਾਲਮਾਂ ਤੋਂ, ਵਾਅਦਾ ਕਰਦੇ ਹਾਂ ਤੁਸਾਂ ਦੇ ਨਾਲ ਮਾਤਾ!

Back to previous page